(ਸ਼ਬਦ ਨੰ : 15)
ਬੰਦੇ ਤੈਂ ਕੀ ਜਹਾਨ ਵਿੱਚੋਂ ਖੱਟਿਆ?
ਟੇਕ :- ਬੰਦੇ ਤੈਂ ਕੀ ਜਹਾਨ ਵਿੱਚੋਂ ਖੱਟਿਆ?
ਇਹਨਾਂ ਝੂਠ ਦੇ ਵਪਾਰਾਂ ਤੈਨੂੰ ਪੱਟਿਆ |
1. ਹੁੰਦੀ ਜੇ ਖ਼ਬਰ ਖ਼ੁਦਗਰਜ਼ੀ ਜਹਾਨ ਦੀ |
ਰੱਖਦਾ ਖ਼ਬਰ ਇਸ ਮਾਇਆ ਪਰਧਾਨ ਦੀ |
ਤੈਨੂੰ ਮਾਇਆ ਲਿਆ ਘੇਰ, ਮਾਰਿਆ ਲੋਭ ਵਾਲੇ ਸ਼ੋਰ,
ਮਿੱਠਾ ਕਰਕੇ ਜ਼ਹਿਰ ਨੂੰ ਚੱਟਿਆ | ਬੰਦੇ ਤੈਂ ਕੀ....
2. ਦੇਖ ਲਿਆ ਕੰਮ ਇਸ ਕੂੜ ਦੇ ਜਹਾਨ ਦਾ |
ਛੱਡ ਮੋਤੀ ਨਾਮ ਵਾਲੇ ਖ਼ਾਕ ਫਿਰੇ ਛਾਣਦਾ |
ਕਦੇ ਕੀਤੀ ਨਾ ਵਿਚਾਰ, ਸਿਰ ਚੁੱਕ ਲਈ ਵਗਾਰ,
ਐਸਾ ਕਰਕੇ ਵਣਜ ਕੀ ਖੱਟਿਆ? ਬੰਦੇ ਤੈਂ ਕੀ....
3. ਐਵੇਂ ਕੂੜੇ ਜੱਗ ਨਾਲ ਕਰਦਾ ਪਿਆਰ ਜੀ |
ਛੱਡਣ ਵਿਚਾਲੇ ਕੋਈ ਲਾਂਵਦਾ ਨਾ ਪਾਰ ਜੀ |
ਪਿਆਰ ਪਾਉਣਾ ਸੌਖਾ, ਤੇ ਨਿਭਾਉਣਾ ਬੜਾ ਔਖਾ,
ਮੂੰਹ ਦੇਖਲੀਂ ਸੱਜਣ ਦਾ ਵੱਟਿਆ | ਬੰਦੇ ਤੈਂ ਕੀ.....
4. ਚੱਲਿਆ ਨਾ ਪਤਾ ਬੜਾ ਕੀਮਤੀ ਇਹ ਬਾਗ ਸੀ |
ਮਿਲਿਆ ਸਬੱਬ ਨਾਲ ਬੜਾ ਉੱਚਾ ਭਾਗ ਸੀ |
ਬੜਾ ਕੀਮਤੀ ਸੀ ਮਾਲ, ਦਿੱਤਾ ਅੱਗ ਵਿਚ ਜਾਲ,
ਹੱਥੀਂ ਬੂਟਾ ਤੈਂ ਚੰਨਣ ਦਾ ਕੱਟਿਆ | ਬੰਦੇ ਤੈਂ ਕੀ....
5. ਸੰਤਾਂ ਦਾ ਕੰਮ ਹੁੰਦਾ ਜੀਵ ਸਮਝਾਣ ਦਾ |
ਜਿਹੜਾ ਮੰਨ ਲੈਂਦਾ ਮੌਜਾਂ ਖੁਸ਼ੀਆਂ ਹੈ ਮਾਣਦਾ |
ਜੇ ਤੈਂ ਕੀਤੀ ਨਾ ਕਦਰ, ਫਿਰਨਾ ਪਊ ਦਰ-ਦਰ,
ਭਿੱਜ ਜਾਣਾ ਸੀ ਪੱਥਰ ਦਿਆ ਵੱਟਿਆ | ਬੰਦੇ ਤੈਂ ਕੀ.......
6. ਮਾਨਸ ਜਨਮ ਵਾਲਾ ਫ਼ਾਇਦਾ ਤੂੰ ਉਠਾਣਾ ਸੀ |
ਦੁਨੀਆਂ ਦਾ ਖਿਆਲ ਛੱਡ ਮਾਲਕ ਰੀਝਾਣਾ ਸੀ |
ਸੁਣੀ ਸੰਗਤ ਨਾ ਚੱਲ, ਮੰਨੀ ਸੰਤਾਂ ਦੀ ਨਾ ਗੱਲ,
ਕਦੇ ਬੈਠ ਕੇ ਨਾ "ਸ਼ਾਹ ਸਤਿਨਾਮ ਜੀ" ਰੱਟਿਆ | ਬੰਦੇ ਤੈਂ ਕੀ..... |